ਗੁਰਪੁਰਵਾਸੀ ਜਸਟਿਸ ਸਰਦਾਰ ਮਾਨ ਸਿੰਘ ਜੀ
ਸੁੰਦਰੀ ਦੀ ਭੂਮਿਕਾ ਵਿਚ ਲਿਖਦੇ ਹਨ:-
ਸੁੰਦਰੀ ਜਦੋਂ ਛਪੀ ਹੈ ਤਦੋਂ ਕੀਹ ਅਸਰ ਪਿਆ?
ਇਸ ਦਾ ਅੰਦਾਜ਼ਾ ਕਰ ਸਕਣਾ ਕਠਨ ਹੈ; ਪਰ ਕੁਛ ਵਾਕੇ ਥੋੜੇ ਹੀ ਦਿਨਾਂ ਵਿਚ ਜਗ੍ਹਾ
ਜਗ੍ਹਾ ਹੋਏ ਸਨ ਕਿ ਅਨਅੰਮ੍ਰਿਤੀਏ ਸਿੰਘਾਂ ਨੇ ਅੰਮ੍ਰਿਤ ਛਕੇ ਤੇ ਸਹਿਜਧਾਰੀ ਸਿੰਘ
ਬਣੇ। ਸ੍ਰੀ ਮਾਨ ਸਰਦਾਰ ਆਇਆ ਸਿੰਘ ਜੀ ਤਦੋਂ ਹਿਸਾਰ ਵਾਲੇ ਪਾਸੇ ਈ.ਏ.ਈ. ਸਨ। ਆਪ
ਦਸਦੇ ਹੁੰਦੇ ਸਨ ਕਿ ਅਸੀਂ ਇਕ ਦਿਨ ਦੌਰੇ ਗਏ ਤੇ ਬੰਦੋਬਸਤ ਦੇ ਇਕ ਸਿੰਘ ਅਫਸਰ ਦੇ
ਡੇਰੇ ਪਹੁੰਚੇ, ਕਿ ਇਕ ਸਿਖ ਹੈ ਇਸ ਪਾਸ ਰਹਾਂਗੇ। ਪਰ ਜਦੋਂ ਅਸੀਂ ਮਿਲੇ ਤਾਂ ਉਸ ਨੇ
ਤਹਿਮਤ ਬੱਧੀ ਹੋਈ, ਕੇਸ ਖਿਲਰੇ ਹੋਏ ਤੇ ਸਾਨੂੰ ਮਿਲਦਿਆਂ ਗਿਲਾ ਕਰਨ ਲੱਗਾ ਕਿ ਕਿਸ
ਕੌਮ ਵਿਚ ਅਸੀਂ ਜੰਮ ਪਏ, ਨਾ ਅੱਗਾ ਨਾ ਪਿੱਛਾ, ਵਹੂਸ਼ ਦੇ ਵਹੂਸ਼। ਸਰਦਾਰ ਜੀ ਦਸਦੇ
ਹੁੰਦੇ ਸੀ ਕਿ ਅਸੀਂ ਉਦਾਸ ਹੋ ਕੇ ਉਠ ਆਏ ਤੇ ਉਸ ਪਾਸ ਠਹਿਰਨਾ ਮੁਨਾਸਬ ਨਾ ਸਮਝਿਆ।
ਛੇ ਕੁ ਮਹੀਨੇ ਬਾਅਦ, ਆਪ ਦੱਸਦੇ ਸਨ ਕਿ ਅਸੀਂ ਫੇਰ ਦੌਰੇ ਗਏ ਤੇ ਉਸ ਨੂੰ ਮਿਲਣ ਦਾ
ਇਤਫਾਕ ਹੋਇਆ। ਦੂਹਰੀ ਦਸਤਾਰ ਤੇ ਹੱਥ ਵਿਚ ਕੜਾ ਵੇਖ ਕੇ ਅਸੀਂ ਅਸਚਰਜ ਹੋ ਕੇ
ਪੁੱਛਿਆ ਕਿ ਆਪ ਤਿਆਰ-ਬਰ-ਤਿਆਰ ਹੋ ਗਏ ਹੋ, ਸਰਦਾਰ ਜੀ! ਇਹ ਕੀ ਕਾਰਣ ਵਰਤਿਆ ਹੈ?
ਤਾਂ ਆਖਣ ਲੱਗੇ: ਸਰਦਾਰ ਜੀਓ! ਮੈਂ ਤੇ ਭੁੱਲਾ ਹੀ ਰਿਹਾ, ਸਾਡੀ ਕੌਮ ਦਾ ਪਿੱਛਾ ਤਾਂ
ਬੜਾ ਬਜ਼ੁਰਗ ਹੈ। ਸਾਡਾ ਇਤਿਹਾਸ ਤਾਂ ਸਾਡੇ ਫ਼ਖ਼ਰਾਂ ਦਾ ਪਰਬਤ ਹੈ। ਜਿਨ੍ਹਾਂ ਦਾ ਪਿੱਛਾ
ਐਡਾ ਸ਼ਾਨਦਾਰ ਹੈ ਉਨ੍ਹਾਂ ਦਾ ਅੱਗਾ ਬੜਾ ਸ਼ਾਨਦਾਰ ਹੋਵੇਗਾ। ਅਸਾਂ ਪੁੱਛਿਆ, ਛੇ ਮਹੀਨੇ
ਹੋਏ ਤਾਂ ਆਪ ਦੇ ਖ਼ਿਆਲ ਹੋਰਵੇਂ ਸਨ, ਇਹ ਪ੍ਰੀਵਰਤਨ ਕੀਕੂੰ ਹੋਇਆ? ਤਾਂ ਆਪ ਉਠ ਕੇ
ਅੰਦਰੋਂ ਜਾ ਕੇ 'ਸੁੰਦਰੀ' ਦੀ ਪੋਥੀ ਚੁੱਕ ਲਿਆਏ ਤੇ ਆਖਣ ਲੱਗੇ, ਆਹ ਪੜ੍ਹੋ, ਮੈਨੂੰ
ਤਾਂ ਇਹ ਪੜ੍ਹ ਕੇ ਜਾਗ੍ਰਤ ਆਈ ਹੈ ਕਿ ਅਸੀਂ ਇਕ ਨਿਹਾਇਤ ਹੀ ਬਜ਼ੁਰਗ ਕੌਮ ਦੇ ਬੱਚੇ
ਹਾਂ। ਸਰਦਾਰ ਆਇਆ ਸਿੰਘ ਜੀ ਦੱਸਦੇ ਸਨ ਕਿ ਅਸਾਂ 'ਸੁੰਦਰੀ' ਪੜ੍ਹੀ ਹੋਈ ਸੀ, ਅਸੀਂ
ਬੜੇ ਪ੍ਰਸੰਨ ਹੋਏ ਤੇ ਉਹਨਾਂ ਨੂੰ ਵਧਾਈ ਦਿੱਤੀ ਤੇ ਆਖਿਆ: 'ਸਰਦਾਰ ਜੀ, ਇਤਿਹਾਸ ਹੀ
ਕੌਮਾਂ ਦੀ ਜਾਨ ਹੈ। ਇਸ ਪੋਥੀ ਵਿਚ ਤਾਂ ਸਾਡੇ ਇਤਿਹਾਸ ਦੀ ਵੰਨਗੀ ਮਾਤ੍ਰ ਹੈ, ਸਾਰੇ
ਨੂੰ ਖੋਜੋ, ਵਿਚਾਰੋ ਤਾਂ ਦੰਗ ਰਹਿ ਜਾਓਗੇ।' ਉਹਨਾਂ ਦਿਨਾਂ ਵਿਚ ਜੰਮੂ ਤੇ ਬੈਲਪਟ (ਬਲੋਚਿਸਤਾਨ)
ਤਕ ਦੇ ਪੱਤ੍ਰ ਇਸ ਪ੍ਰਕਾਰ ਦੇ ਆਉਂਦੇ ਸਨ। ਸੈਂਕੜੇ ਸਿਖ ਨੌਜਵਾਨ ਮਾਈ ਭਾਈ ਅਜੇ
ਮਿਲਦੇ ਹਨ ਕਿ ਜਿਨ੍ਹਾਂ ਦੇ ਮਨ ਵਿਚ 'ਸੁੰਦਰੀ' ਪੜ੍ਹ ਕੇ ਪੰਥ ਦੀ ਸ਼ਾਨ ਬਹੁਤ ਵਧ ਗਈ
ਹੈ ਤੇ ਉਨ੍ਹਾਂ ਵਿਚ ਪੰਥਕ ਜੀਵਨ, ਕੌਮੀ ਪਿਆਰ, ਤੇ ਸਿਖੀ ਦਾ ਮਾਣ ਪੈਦਾ ਹੋ ਗਿਆ।
ਇਸ ਨਿੱਕੀ ਜਿਹੀ ਪੋਥੀ ਨੇ ਕੌਮੀ ਜੀਵਨ ਦਾ ਪਿਆਰ, ਸਿਖੀ ਦਾ ਚਾਉ ਤੇ ਧਰਮ ਭਾਉ ਕੌਮ
ਵਿਚ ਬਹੁਤ ਪੈਦਾ ਕੀਤਾ ਹੈ ਤੇ ਪੰਥ ਦੀ ਜਾਗਰਤ ਵਿਚ ਇਸ ਦਾ ਬਹੁਤ ਸਾਰਾ ਹਿੱਸਾ ਹੈ।